Sunday, August 8, 2010

ਦੋ ਰੰਗ ਦੀ ਹੈ ਜ਼ਿੰਦਗੀ, ਰੰਗੀਨ ਵੀ ਵੀਰਾਨ ਵੀ
ਹੈ ਜੀਅ ਰਿਹਾ ਹਰ ਹਾਲ ਵਿੱਚ, ਕੀ ਚੀਜ਼ ਹੈ ਇਨਸਾਨ ਵੀ

ਸੱਚ ਝੂਠ ਹੈ ਇਹ ਜ਼ਿੰਦਗੀ, ਕੰਡਾ ਵੀ, ਹੈ ਇਹ ਫੁੱਲ ਵੀ
ਉਲਫ਼ਤ ਵੀ ਹੈ, ਨਫ਼ਰਤ ਵੀ ਹੈ, ਇਖਲਾਕ ਵੀ ਈਮਾਨ ਵੀ

ਹਰ ਸਖਸ਼ ਹੀ ਹੁੰਦਾ ਨਹੀਂ ਨਫ਼ਰਤ ਦਾ ਪਾਤਰ ਦੋਸਤੋ
ਕੀਤੇ ਨੇ ਪੈਦਾ ਰੱਬ ਨੇ ਇਨਸਾਨ ਵੀ ਸ਼ੈਤਾਨ ਵੀ

ਹੁੰਦੇ ਕਰੀਬ ਨੇ ਉਹ ਮੇਰੇ, ਫਿਰ ਦੂਰ ਹੋ ਜਾਵਣ ਕਦੇ
ਇੱਕ ਪਲ ਚ ਹੁੰਦੇ ਨੇ ਖਫ਼ਾ, ਇੱਕ ਪਲ ਚ ਮੇਹਰਬਾਨ ਵੀ

ਘਰ ਵਿੱਚ ਅਕੇਲੇ ਸਖਸ਼ ਨੂੰ ਆਉਣਾ ਮਜ਼ਾ ਕੀ ਜਸ਼ਨ ਦਾ
ਉਹ ਮੇਜ਼ਬਾਨ ਵੀ ਖ਼ੁਦ ਬਣੂ , ਖ਼ੁਦ ਹੀ ਬਣੂ ਮਹਿਮਾਨ ਵੀ

ਬੀਤੇ ਸਮੇਂ ਨੂੰ ਯਾਦ ਜੇਕਰ , ਕਰ ਲਵਾਂ ਅਣਭੋਲ ਮੈਂ
ਹੁੰਦਾ ਹੈ ਦਿਲ ਬੇਜ਼ਾਬਤਾ, ਪਰੇਸ਼ਾਨ ਵੀ, ਹੈਰਾਨ ਵੀ

ਰੋਟੀ ਨਹੀਂ ਲੰਗਰ ਬੜੇ , ਕੱਪੜਾ ਨਹੀਂ ਫੈਸ਼ਨ ਬੜੇ
ਮਜ਼ਦੂਰ ਵੀ ਨੰਗਾ ਫਿਰੇ, ਭੁੱਖਾ ਮਰੇ ਕਿਰਸਾਨ ਵੀ

ਉਸ ਨੇ ਜ਼ਮਾਨੇ ਨੂੰ ਬੜਾ ਹੀ ਚਾਰਿਆ ਹੈ ਦੋਸਤਾ
ਜੋ ਜਾਪਦਾ ਹੈ ਬੇਅਕਲ, ਅਣਜਾਣ ਵੀ, ਨਾਦਾਨ ਵੀ

ਕਿੰਨਾ ਸਿਆਣਾ ਹੋ ਗਿਆ ਇਨਸਾਨ ਮੇਰੇ ਸ਼ਹਿਰ ਦਾ
ਰਿਸ਼ਤਾ ਵੀ ਚਾਹੁੰਦਾ ਪਾਲਣਾ , ਦੇਖੇ ਨਫ਼ਾ ਨੁਕਸਾਨ ਵੀ

ਪੈਸਾ ਮਿਲੇ ਤਾਂ ਆਦਮੀ ਸਭ ਕੁਝ ਖਰੀਦੇ ' ਮਹਿਰਮਾ
ਪਹਿਚਾਨ ਵੀ, ਅਹਿਸਾਨ ਵੀ, ਸਨਮਾਨ ਵੀ, ਭਗਵਾਨ ਵੀ

No comments:

Post a Comment